(Date : 20/May/2424)

(Date : 20/May/2424)

पंजाब में कानून व्यवस्था जीरो,योगी से ट्रेनिंग लें भगवंत मान : डा. सुभाष शर्मा | सुखपाल खैहरा के बयान के बाद प्रवासियों ने कांग्रेसी उम्मीदवारों के बायकाट का लिया ऐलान | लोहियां में कांग्रेस को तगड़ा झटका, बड़ी तादाद में कांग्रेसी वर्कर भाजपा में हुए शामिल | दोआबा कालेज में मदर्स डे मनाया गया | डिप्स स्कूल सूरानुस्सी में किया गया इंटर हाउस टेबल टेनिस टूर्नामेंट आयोजित |

ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ






ਆਪਣੀ ਵੋਟ ਪਾਓ, ਘਰ ਲਿਜਾਓ ਖਾਸ ਤੋਹਫਾ"

ਮੋਗਾ ਦੇ ਡੀਸੀ ਵੱਲੋਂ ਪੋਲਿੰਗ ਬੂਥਾਂ 'ਤੇ ਨਵੇਂ ਵੋਟਰਾਂ ਨੂੰ ਸਨਮਾਨਿਤ ਕਰਨ ਦਾ ਐਲਾਨ

ਪਿੰਡ ਢੁੱਡੀਕੇ ਵਿਖੇ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ 'ਤੇ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ

ਮੋਗਾ (ਕਮਲ) :- ਜ਼ਿਲ੍ਹਾ ਮੋਗਾ ਦੇ ਨੌਜਵਾਨਾਂ, ਖਾਸਕਰ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ 1 ਜੂਨ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਐਲਾਨ ਕੀਤਾ ਹੈ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਤੋਹਫ਼ੇ ਦੇ ਕੇ ਨਿਵਾਜ਼ਿਆ ਜਾਵੇਗਾ। ਲਾਲਾ ਲਾਜਪਤ ਰਾਏ ਜੀ ਦੀ ਜਨਮ ਭੂਮੀ ਪਿੰਡ ਢੁੱਡੀਕੇ ਵਿਖੇ ਪਹਿਲੀ ਵਾਰ ਵੋਟ ਕਰਨ ਵਾਲੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ: ਕੁਲਵੰਤ ਸਿੰਘ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਲੱਖਾਂ ਸ਼ਹੀਦਾਂ ਦੀ ਕੁਰਬਾਨੀ ਤੋਂ ਬਾਅਦ ਲੋਕਤੰਤਰ ਬਣੇ ਭਾਰਤ ਦੇ ਵਿਕਾਸ ਵਿੱਚ ਜ਼ਿੰਮੇਵਾਰ ਨਾਗਰਿਕ ਵਜੋਂ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਵੋਟ ਦੀ ਤਾਕਤ ਨਾਲ ਸਹੀ ਸਰਕਾਰ ਦੀ ਚੋਣ ਕਰਨਾ ਵੀ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ 18621 ਨੌਜਵਾਨ ਲੜਕੇ-ਲੜਕੀਆਂ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਇਨ੍ਹਾਂ ਸਾਰੇ ਨੌਜਵਾਨ ਵੋਟਰਾਂ ਨੂੰ ਵਧਾਈ ਦਿੱਤੀ ਅਤੇ ਸੱਦਾ ਦਿੱਤਾ ਕਿ ਉਹ ਖ਼ੁਦ ਵੀ ਵੋਟ ਪਾਉਣ ਅਤੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਵੋਟ ਦੇ ਇਸਤੇਮਾਲ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਹਰੇਕ ਪੋਲਿੰਗ ਬੂਥ ਤੇ ਵੋਟਰਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਭਾਰਤੀ ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਨੂੰ ਤਿਉਹਾਰ ਵਜੋਂ ਮਨਾਉਣ ਲਈ ਨਾਗਰਿਕਾਂ ਨੂੰ ਸੱਦਾ ਦਿੱਤਾ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਵਾਰ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ ਅਤੇ ਧਰਮਕੋਟ ਵਿਧਾਨ ਸਭਾ ਹਲਕਿਆਂ ਵਿੱਚ ਕ੍ਰਮਵਾਰ 5066, 4007, 4415 ਅਤੇ 5133 ਨੌਜਵਾਨ ਲੜਕੇ-ਲੜਕੀਆਂ ਨੇ ਨਵੇਂ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਨੌਜਵਾਨ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤਾਂ ਉਹ ਭਵਿੱਖ ਲਈ ਅਜਿਹੀ ਸਰਕਾਰ ਚੁਣ ਸਕਦੇ ਹਨ ਜੋ ਉਨ੍ਹਾਂ ਦੇ ਚੰਗੇ ਕੱਲ੍ਹ ਲਈ ਬਿਹਤਰ ਫੈਸਲੇ ਲੈ ਸਕੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਮੀਦ ਹੈ ਕਿ 18 ਸਾਲ ਦੇ ਨਵੇਂ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਜਿਸ ਨਾਲ ਮੋਗਾ ਜ਼ਿਲ੍ਹੇ ਵਿੱਚ ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੋਟ ਪ੍ਰਤੀਸ਼ਤ 70 ਫੀਸਦੀ ਤੋਂ ਵੱਧ ਹੋ ਜਾਵੇਗੀ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹਾ ਮੋਗਾ ਵਿੱਚ ਸਿਰਫ਼ 59 ਫ਼ੀਸਦੀ ਵੋਟਾਂ ਪਈਆਂ ਸਨ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਮਿੱਥੇ ਗਏ ‘ਇਸ ਵਾਰ 70 ਪਾਰ’ਦੇ ਟੀਚੇ ਦੀ ਪ੍ਰਾਪਤੀ ਲਈ ਨਵੇਂ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰਨ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਪੋਲਿੰਗ ਸਟੇਸ਼ਨ, ਔਰਤਾਂ ਵੱਲੋਂ ਚਲਾਏ ਜਾਣ ਵਾਲੇ ਪੋਲਿੰਗ ਸਟੇਸ਼ਨ, ਅੰਗਹੀਣ ਮੁਲਾਜ਼ਮਾਂ ਦੁਆਰਾ ਚਲਾਏ ਜਾਣ ਵਾਲੇ ਪੋਲਿੰਗ ਸਟੇਸ਼ਨ ਅਤੇ ਨੌਜਵਾਨ ਮੁਲਾਜ਼ਮਾਂ ਵਲੋਂ ਚਲਾਏ ਜਾਣ ਵਾਲੇ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਵਜੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ।  ਸਮਾਗਮ ਦੌਰਾਨ ਜ਼ਿਲ੍ਹਾ ਭਾਸ਼ਾ ਵਿਭਾਗ ਮੋਗਾ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਵੱਲ ਪ੍ਰੇਰਿਤ ਕਰਨ ਲਈ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।  ਨੌਜਵਾਨ ਵੋਟਰਾਂ ਨੂੰ ਟੀ-ਸ਼ਰਟਾਂ ਵੀ ਦਿੱਤੀਆਂ ਗਈਆਂ।  ਡਿਪਟੀ ਕਮਿਸ਼ਨਰ ਨੇ ਲਾਲਾ ਲਾਜਪਤ ਰਾਏ ਦੇ ਬੁੱਤ ਨੇੜੇ ਬੂਟਾ ਵੀ ਲਾਇਆ। ਸਮਾਗਮ ਵਿੱਚ ਸਵਾਤੀ ਐਸ.ਡੀ.ਐਮ ਨਿਹਾਲ ਸਿੰਘ ਵਾਲਾ, ਸ਼ੁਭੀ ਆਂਗਰਾ ਸਹਾਇਕ ਕਮਿਸ਼ਨਰ (ਜ) ਕਮ ਨੋਡਲ ਅਫਸਰ ਸਵੀਪ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਅਜੀਤਪਾਲ ਸਿੰਘ, ਡਾ: ਗੁਰਪ੍ਰੀਤ ਸਿੰਘ ਘਾਲੀ ਅਤੇ ਅਮਨ ਗੋਸਵਾਮੀ, ਰਣਜੀਤ ਸਿੰਘ ਧੰਨਾ ਪ੍ਰਧਾਨ ਲੋਕਲ ਕਮੇਟੀ ਅਤੇ ਹੋਰ ਵੀ ਹਾਜ਼ਰ ਸਨ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar